ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਲੁਧਿਆਣਾ ਸਥਿਤ ਬੋਤਲਬੰਦ ਪਾਣੀ ਤਿਆਰ ਕਰਨ ਵਾਲੀ ਇੱਕ ਫੈਕਟਰੀ ਦੇ ਤਿੰਨ ਯੂਨਿਟ ਸੀਲ ਕੀਤੇ ਗਏ ਹਨ ਜਦਕਿ ਫੈਕਟਰੀ ਦਾ ਮਾਲਕ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਜ਼ਿਲ੍ਹਾ ਸਿਹਤ ਅਫਸਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇੱਕ ਟੀਮ ਨੇ ਅਚਾਨਕ ਗੁਰਨਾਮ ਨਗਰ ਜੱਸੀਆਂ ਰੋਡ ਤੇ ਬੋਤਲਬੰਦ ਪਾਣੀ ਤਿਆਰ ਕਰਨ ਵਾਲੀ ਇੱਕ ਫੈਕਟਰੀ ਉਪਰ ਅਚਾਨਕ ਛਾਪੇਮਾਰੀ ਕੀਤੀ, ਜਿਸ ਦੌਰਾਨ ਸਿਹਤ ਟੀਮ ਦੀ ਭਿਣਕ ਪੈਂਦਿਆਂ ਹੀ ਫੈਕਟਰੀ ਦਾ ਮਾਲਕ ਫ਼ਰਾਰ ਹੋ ਗਿਆ। ਡਾ. ਗਰਗ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਨੂੰ ਜਿਵੇਂ ਹੀ ਸਿਹਤ ਟੀਮ ਪਹੁੰਚ ਜਾਣ ਬਾਰੇ ਪਤਾ ਲੱਗਾ ਤਾਂ ਉਹ ਆਪਣੀ ਫੈਕਟਰੀ ਜੋ ਟੀ ਕੇ ਇੰਟਰਪ੍ਰਾਈਜਿਜ਼ ਦੇ ਨਾਂ ਹੇਠ ਚੱਲਾਈ ਜਾ ਰਹੀ ਸੀ, ਨੂੰ ਤਾਲੇ ਲਗਾ ਕੇ ਦੌੜ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਫੈਕਟਰੀ ਦੇ 3 ਯੂਨਿਟ ਸਨ, ਜਿਨ੍ਹਾਂ ‘ਚੋਂ 2 ਯੂਨਿਟਾਂ ਨੂੰ ਤਾਂ ਉਹ ਤਾਲੇ ਲਗਾਉਣ ਲਈ ਸਫਲ ਹੋ ਗਿਆ ਜਦਕਿ ਇੱਕ ਯੂਨਿਟ ਜਿੱਥੇ ਟੀਮ ਪਹਿਲਾਂ ਪਹੁੰਚ ਗਈ ਸੀ, ਨੂੰ ਖੁੱਲਾ ਛੱਡ ਕੇ ਚਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਖੁੱਲ੍ਹੇ ਯੂਨਿਟ ‘ਚੋਂ ਬਹੁਤ ਸਾਰੀਆਂ ਪਾਣੀ ਦੀਆਂ ਭਰੀਆਂ ਅਤੇ ਖਾਲੀ ਬੋਤਲਾਂ ਮਿਲੀਆਂ ਹਨ, ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਸਿਹਤ ਟੀਮ ਨੇ ਫੈਕਟਰੀ ਦੇ ਤਿੰਨ ਯੂਨਿਟਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਜਦੋਂ ਫੈਕਟਰੀ ਦਾ ਮਾਲਕ ਪੀਣ ਵਾਲਾ ਪਾਣੀ ਬੋਤਲਬੰਦ ਕਰਨ ਸਬੰਧੀ ਕੋਈ ਕਾਗਜਾਤ ਪੇਸ਼ ਕਰੇਗਾ ਤਾਂ ਉਸ ਵਿਰੁੱਧ ਕਾਰਵਾਈ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਡਾ. ਗਰਗ ਨੇ ਦੱਸਿਆ ਕਿ ਉਕਤ ਫੈਕਟਰੀ ਸਬੰਧੀ ਸਿਹਤ ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਕਿ ਫੈਕਟਰੀ ‘ਚ ਬਿਨ੍ਹਾਂ ਬੀ ਆਈ ਐਸ ਸਰਟੀਫਿਕੇਟ ਤੋਂ ਪਾਣੀ ਬੋਤਲਬੰਦ ਕਰਕੇ ਸਪਲਾਈ ਕੀਤਾ ਜਾ ਰਿਹਾ ਹੈ, ਦੇ ਪਿਛੋਂ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ‘ਚੋਂ 1000 ਦੇ ਕਰੀਬ ਬੋਤਲਬੰਦ/ ਗਿਲਾਸਬੰਦ ਪਾਣੀ ਦੀਆਂ ਬੋਤਲਾਂ ਅਤੇ ਗਿਲਾਸ ਮਿਲੇ ਹਨ। ਇਸ ਮੌਕੇ ਖੁਰਾਕ ਸੁਰੱਖਿਆ ਅਫ਼ਸਰ ਰਾਸ਼ੂ ਮਹਾਜਨ ਅਤੇ ਤਰੁਣ ਬਾਂਸਲ ਨਾਲ ਸਨ।