ਉੱਤਰ ਪ੍ਰਦੇਸ਼ ਸਰਕਾਰ ਨੇ ਘਰ ਵਿੱਚ ਸ਼ਰਾਬ ਰੱਖਣ ਲਈ ਨਿਯਮ ਬਦਲ ਦਿੱਤਾ ਹੈ। ਨਵੇਂ ਨਿਯਮ ਅਧੀਨ ਘਰ ਵਿੱਚ ਤੈਅ ਮਾਤਰਾ ਤੋਂ ਜ਼ਿਆਦਾ ਸ਼ਰਾਬ ਰੱਖਣ ਲਈ ਹੁਣ ਲਾਇਸੈਂਸ ਲੈਣਾ ਹੋਵੇਗਾ। ਲਾਇਸੈਂਸ ਲੈਣ ਲਈ 12 ਹਜ਼ਾਰ ਰੁਪਏ ਸਾਲਾਨਾ ਫੀਸ ਅਦਾ ਕਰਨੀ ਹੋਵੇਗੀ। ਨਾਲ ਹੀ ਇਸ ਲਈ ਸ਼ੁਰੂਆਤ ਤੋਂ 51 ਹਜ਼ਾਰ ਰੁਪਏ ਦੀ ਗਾਰੰਟੀ ਵੀ ਦੇਣੀ ਪਵੇਗੀ। ਨਵੇਂ ਨਿਯਮ ਮੁਤਾਬਕ ਹੁਣ ਲੋਕ ਬਿਨ੍ਹਾਂ ਲਾਇਸੈਂਸ ਦੇ ਘਰ ਵਿੱਚ ਨਿੱਜੀ ਬਾਰ ਨਹੀਂ ਬਣਾ ਸਕਣਗੇ। ਨਿਯਮ ਤੋੜਣ ਤੇ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਐਡੀਸ਼ਨਲ ਚੀਫ ਸੈਕੇਟਰੀ ਸੰਜੇ ਐੱਸ. ਭੂਸਰੇੱਡੀ ਨੇ ਕਿਹਾ ਕਿ ਆਬਕਾਰੀ ਨੀਤੀ ਦੇ ਤਹਿਤ ਬਿਨ੍ਹਾਂ ਲਾਇਸੈਂਸ ਦੇ ਘਰ ਵਿੱਚ ਤੈਅ ਲਿਮਿਟ ਤੋਂ ਜ਼ਿਆਦਾ ਸ਼ਰਾਬ ਰੱਖਣ ਤੇ ਕਾਰਵਾਈ ਹੋਵੇਗੀ।

ਸੂਬੇ ‘ਚ ਘਰਾਂ ਵਿੱਚ 7.84 ਲੀਟਰ ਸ਼ਰਾਬ ਰੱਖਣ ਦੀ ਹੀ ਇਜਾਜ਼ਤ ਹੈ। ਘਰ ਵਿੱਚ ਲਿਮਿਟ ਤੋਂ ਜ਼ਿਆਦਾ ਸ਼ਰਾਬ ਮਿਲਣ ਤੇ 3 ਸਾਲ ਦੀ ਜੇਲ੍ਹ ਅਤੇ ਘਟੋਂ-ਘੱਟ 2000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਸੂਬੇ ‘ਚ ਸ਼ਰਾਬ ਦੀ ਖਪਤ ਤੇ ਨਜ਼ਰ ਰੱਖਣ ਲਈ ਬਣਾਏ ਆਬਕਾਰੀ ਐਕਟ-1910 ਮੁਤਾਬਕ 7.84 ਲੀਟਰ ਤੋਂ ਜ਼ਿਆਦਾ ਸ਼ਰਾਬ ਰੱਖਣਾ ਗੈਰ-ਕਾਨੂੰਨੀ ਹੈ। ਇਸ ਐਕਟ ਦੇ ਸੈਕਸ਼ਨ-60 ਅਧੀਨ ਸ਼ਰਾਬ ਨੂੰ ਲਿਆਉਣ-ਲਿਜਾਣ, ਬਣਾਉਣ ਅਤੇ ਜ਼ਿਆਦਾ ਮਾਤਰਾ ਵਿੱਚ ਰੱਖਣ ਤੇ ਜ਼ੁਰਮਾਨੇ ਦਾ ਪ੍ਰਬੰਧ ਹੈ।