ਗੁਆਂਢੀ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ‘ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਇੱਕ ਪਾਸੇ ਜ਼ਿਲ੍ਹੇ ਭਰ ‘ਚ 13 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਬਰਡ ਫਲੂ ਮਹਾਂਮਾਰੀ ਤੋਂ ਬਚਾਅ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ (GADVASU) ਵੱਲੋਂ ਮੁਰਗੀ ਪਾਲਕਾਂ, ਕਾਮਿਆਂ ਤੇ ਖਪਤਕਾਰਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

ਦੱਸਣਯੋਗ ਹੈ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਬਰਡ ਫਲੂ ਦੀ ਲਾਗ ਵਾਲੇ ਪੰਛੀਆਂ ਦੀਆਂ ਵਿੱਠਾਂ, ਨੱਕ ਤੇ ਲਾਰ ‘ਚ ਵਾਇਰਸ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਦੀ ਦੂਸ਼ਿਤ ਫੀਡ, ਪਾਣੀ, ਉਪਕਰਨਾਂ ਜਾਂ ਸਿੱਧੇ ਸੰਪਰਕ ‘ਚ ਆਉਣ ‘ਤੇ ਤੰਦਰੁਸਤ ਪੰਛੀ ਬਿਮਾਰ ਹੋ ਜਾਂਦੇ ਹਨ। ਇਹ ਬਿਮਾਰੀ ਪੰਛੀਆਂ ਤੋਂ ਮਨੁੱਖਾਂ ‘ਚ ਫੈਲਣ ਦੀ ਕੋਈ ਘਟਨਾ ਨਹੀਂ ਮਿਲਦੀ, ਹਾਲਾਂਕਿ, ਪੰਛੀਆਂ ਦੇ ਨੇੜਲੇ ਸੰਪਰਕ ‘ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਹੀ ਸਫਾਈ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਨਿਰਦੇਸ਼ਕ ਜਨਤਕ ਸਿਹਤ ਸਕੂਲ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਡਾ. ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਖਪਤਕਾਰਾਂ ਨੂੰ ਵਰਤਣ ਤੋਂ ਪਹਿਲਾਂ ਪੋਲਟਰੀ ਅਤੇ ਪੋਲਟਰੀ ਉਤਪਾਦਾਂ (ਆਂਡਿਆਂ ਸਮੇਤ) ਨੂੰ 70 ਡਿਗਰੀ ਸੈਂਟੀਗਰੇਡ ਤੋਂ ਵੱਧ ਤੇ ਸਹੀ ਤਰੀਕੇ ਨਾਲ ਪਕਾਉਣ ਚਾਹੀਦਾ ਹੈ, ਜਿਸ ਨਾਲ ਬਰਡ ਫਲੂ ਦਾ ਵਾਇਰਸ ਖਤਮ ਹੋ ਜਾਂਦਾ ਹੈ। ਪੋਲਟਰੀ ਫਾਰਮ ‘ਚ ਵਿਅਕਤੀ ਜਾਂ ਵਾਹਨਾਂ ਦੀ ਦਾਖਲੇ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ।

ਸਹਾਇਕ ਪ੍ਰੋਫੈਸਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਫਾਰਮ ਦੇ ਆਸ-ਪਾਸ ਜੰਗਲੀ ਜਾਂ ਪ੍ਰਵਾਸੀ ਪੰਛੀਆਂ ਦੀ ਮੌਤ ਹੋਣ ਜਾਂ ਕੋਈ ਹੋਰ ਵਰਤਾਰਾ ਸਾਹਮਣੇ ਆਉਣ ਤੇ ਸਥਾਨਕ ਵੈਟਰਨਰੀ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮਰੇ ਪੰਛੀਆਂ ਨੂੰ ਨੰਗੇ ਹੱਥਾਂ ਨਾਲ ਨਹੀਂ ਚੁੱਕਣਾ ਚਾਹੀਦਾ, ਸਥਾਨਕ ਪਸ਼ੂ ਰੋਗ ਮਾਹਿਰਾਂ ਦੀ ਅਗਵਾਈ ਹੇਠ ਮਰੇ ਹੋਏ ਪੰਛੀਆਂ ਦਾ ਸਾਵਧਾਨੀ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਕਿਸੇ ਟੋਏ ‘ਚ ਦੱਬ ਦੇਣਾ ਜਾਂ ਸਾੜ ਦੇਣਾ ਚਾਹੀਦਾ ਹੈ। ਇਸ ਕੰਮ ਨੂੰ ਮਾਸਕ, ਦਸਤਾਨੇ ਤੇ ਸੁਰੱਖਿਆ ਐਨਕਾਂ ਪਾ ਕੇ ਕਰਨਾ ਚਾਹੀਦਾ ਹੈ।

ਜੇ ਦਸਤਾਨੇ ਉਪਲੱਬਧ ਨਹੀਂ ਹਨ ਤਾਂ ਪਾਲੀਥੀਨ ਬੈਗ ਦੀ ਵਰਤੋਂ ਕੀਤੀ ਜਾਵੇ ਤੇ ਨਿਪਟਾਰੇ ਤੋਂ ਬਾਅਦ ਹੱਥ ਧੋਣੇ ਚਾਹੀਦੇ ਹਨ। ਜੰਗਲੀ ਜਾਂ ਪ੍ਰਵਾਸੀ ਪੰਛੀਆਂ ਦੁਆਰਾ ਵਿੱਠਾਂ ਆਦਿ ਰਾਹੀਂ ਫੈਲਣ ਵਾਲੀ ਗੰਦਗੀ ਤੋਂ ਬਚਣ ਲਈ ਖੁੱਲ੍ਹੇ ਪਾਣੀ ਦੇ ਸਰੋਤਾਂ ਜਾਂ ਖੇਤ ਦੀਆਂ ਟੈਂਕੀਆਂ ਨੂੰ ਢੱਕਣਾ ਚਾਹੀਦਾ ਹੈ। ਫਾਰਮ ‘ਚ ਜਾਂ ਇਸ ਦੀ ਹੱਦ ਦੇ ਨੇੜੇ ਦੇ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ। ਪੋਲਟਰੀ ਫਾਰਮ ਦੀ ਸਫਾਈ ਦਾ ਧਿਆਨ ਰੱਖਣਾ ਤੇ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਪੰਛੀਆਂ ਦੀ ਫਾਰਮ ਵਿਖੇ ਆਮਦ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।