ਮੀਂਹ ਨੇ ਡੁਬੋ ਕੇ ਰੱਖ'ਤਾ ਲੁਧਿਆਣਾ! ਸੜਕਾਂ ਬਣੀਆਂ ਤਲਾਬ! ਲੋਕ ਹੋ ਰਹੇ ਪ੍ਰੇਸ਼ਾਨ

Comments · 68 Views

ਮੀਂਹ ਨੇ ਡੁਬੋ ਕੇ ਰੱਖ'ਤਾ ਲੁਧਿਆਣਾ! ਸੜਕਾਂ ਬਣੀਆਂ ਤਲਾਬ! ਲੋਕ ਹੋ ਰਹੇ ਪ੍ਰੇਸ਼ਾਨ

ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਵੀਰਵਾਰ ਸਵੇਰ ਮੀਂਹ ਨੇ ਰਾਹਤ ਤਾਂ ਦੇ ਦਿੱਤੀ ਹੈ ਪਰ ਮੀਂਹ ਕਰਕੇ ਸ਼ਹਿਰ ਦਾ ਹਾਲ ਬਹੁਤ ਮਾੜਾ ਹੋ ਗਿਆ ਹੈ। ਸੜਕਾਂ 'ਤੇ ਥਾਂ-ਥਾਂ ਉੱਤੇ ਪਾਣੀ ਭਰ ਗਿਆ। ਕਈ ਗੱਡੀਆਂ ਬਾਈਕ ਆਦਿ ਪਾਣੀ 'ਚ ਫਸ ਗਏ। ਅੱਜ ਪਏ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਨਿਗਮ ਦਾ ਡਰੇਨੇਜ ਸਿਸਟਮ ਫੇਲ ਹੁੰਦਾ ਨਜ਼ਰ ਆਇਆ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ, ਮੁਹੱਲੇ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਜਿਨ੍ਹਾਂ ਸੜਕਾਂ 'ਤੇ ਟੋਏ ਪਏ ਸਨ, ਉਹ ਜਾਨਲੇਵਾ ਬਣ ਗਏ ਹਨ। ਫੀਲਡ ਗੰਜ ਦੀਆਂ ਗਲੀਆਂ ਵਿੱਚ ਵੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਕਾਰਨ ਲੋਕਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।


ਥੋੜੀ ਜਿਹੀ ਲਾਪਰਵਾਹੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਹਰ ਸਾਲ ਨਿਗਮ ਸੜਕਾਂ ਦੀ ਨਿਕਾਸੀ ਅਤੇ ਮੁਰੰਮਤ ਦੇ ਨਾਂ ’ਤੇ ਲੱਖਾਂ ਰੁਪਏ ਬਰਬਾਦ ਕਰ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਦੀ ਵਿਵਸਥਾ ਸੁਧਰਦੀ ਨਜ਼ਰ ਨਹੀਂ ਆ ਰਹੀ। ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।


ਘੰਟਾ ਘਰ, ਕੇਸਰਗੰਜ ਮੰਡੀ, ਮੀਨਾ ਬਾਜ਼ਾਰ, ਗਿੱਲ ਰੋਡ, ਪਾਹਵਾ ਹਸਪਤਾਲ ਰੋਡ, ਜਨਕਪੁਰੀ, ਸਮਰਾਲਾ ਚੌਕ, 32 ਸੈਕਟਰ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਕਿਦਵਈ ਨਗਰ, ਗਣੇਸ਼ ਨਗਰ, ਨੀਲਾ ਝੰਡਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਪੁਰਾਣਾ ਬਾਜ਼ਾਰ, ਬਰਸਾਤੀ ਬਾਜ਼ਾਰ, ਗੁੜਮੰਡੀ, ਰੇਲਵੇ ਸਟੇਸ਼ਨ, ਜੀਆਰਪੀ ਥਾਣਾ ਆਦਿ ਥਾਵਾਂ 'ਤੇ ਪਾਣੀ ਭਰ ਗਿਆ ਹੈ। ਨਿਊ ਕੁੰਦਨਪੁਰੀ ਦਾ ਗੰਦਾ ਨਾਲਾ ਵੀ ਓਵਰਫਲੋ ਹੋ ਗਿਆ ਹੈ। ਨਿਗਮ ਅਧਿਕਾਰੀਆਂ ਨੇ ਜੇਸੀਬੀ ਮੋਕੇ ਭੇਜ ਕੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਨਿਗਮ ਟੈਕਸਾਂ ਦੇ ਨਾਂ 'ਤੇ ਪੈਸੇ ਤਾਂ ਵਸੂਲ ਰਿਹਾ ਹੈ ਪਰ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਸੜਕਾਂ ਅਤੇ ਨਾਲੀਆਂ ਭਰ ਗਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਜ਼ਾਰ ਛੱਪੜ ਦਾ ਰੂਪ ਧਾਰਨ ਕਰ ਗਏ ਹਨ।

Comments